ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਅਤੇ ਵਿਸਥਾਰ
ਰਣਜੀਤ ਸਿੰਘ ਦੇ ਗੱਦੀ ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ
ਇਸ ਵਿਚ ਕੋਈ ਸ਼ੱਕ ਨਹੀ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸਾਮਰਾਜ ਉਸ ਦੀ ਯੋਗਤਾ ਅਤੇ ਸਿਆਣਪ ਦਾ ਸਿੱਟਾ ਸੀ । ਪਰ ਹਰੇਕ ਯੋਗ ਵਿਅਕਤੀ ਨੂੰ ਵੀ ਅਜਿਹੇ ਕਾਰਨਾਂ ਦੀ ਲੋੜ ਹੁੰਦੀ ਹੈ ਜੋ ਉਸ ਲਈ ਸਹਾਿਕ ਸਿੱਧ ਹੋਣ। ਇਹ ਰਣਜੀਤ ਸਿੰਘ ਦੀ ਖੁਸ਼ਕਿਸਮਤੀ ਸੀ ਕਿ ਉਸ ਦੀ ਸ਼ਕਤੀ ਦੇ ਉਭਾਰ ਸਮੇਂ ਵਾਤਾਵਰਨ ਉਸ ਦੀ ਪ੍ਰਤਿਭਾ ਦੇ ਅਨੁਕੂਲ ਸੀ।
ਸਿੱਖ ਮਿਸਲਾਂ

ਪੰਜਾਬ ਦੇ ਜ਼ਿਆਦਾਤਰ ਭਾਗ ਵਿਚ ਸਿੱਖਾਂ ਦੀਆਂ 12 ਸੁਤੰਤਰ ਮਿਸਲਾਂ ਕਾਇਮ ਸਨ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਮੇਂ (1748-67 ਈ:) ਇਨ੍ਹਾਂ ਮਿਸਲਾਂ ਦੇ ਸਰਦਾਰਾਂ ਨੇ ਇਕ ਹੋ ਕੇ ਉਸ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ। ਪਰ ਉਸ ਦੇ ਹਮਲਿਆਂ ਦਾ ਡਰ ਖਤਮ ਹੁੰਦੇ ਹੀ ਉਨ੍ਹਾਂ ਵਿਚ ਫੁੱਟ ਪੈ ਗਈ ਤੇ ਆਪਸੀ ਝਗੜੇ ਸ਼ੁਰੂ ਹੋ ਗਏ। ਰਣਜੀਤ ਸਿੰਘ ਦੇ ਚੰਗੇ ਭਾਗੀਂ 18 ਵੀਂ ਸਦੀ ਦੇ ਅੰਤਲੇ ਵਰ੍ਹਿਆਂ ਤਕ ਕੋਈ ਵੀ ਮਿਸਲ ਬਹੁਤੀ ਤਾਕਤਵਰ ਨਹੀਂ ਸੀ। ਵੱਖ-ਵੱਖ ਮਿਸਲਾਂ ਦੇ ਯੋਗ ਤੇ ਬਹਾਦਰ ਸਰਦਾਰਾਂ ਦੀ ਜਾਂ ਉਸ ਸਮੇਂ ਤਕ ਮੌਤ ਹੋ ਚੁੱਕੀ ਸੀ ਜਾਂ ਉਹ ਇੰਨੇ ਬੁੱਢੇ ਹੋ ਗਏ ਸਨ ਕਿ ਉਨ੍ਹਾਂ ਵਿਚ ਰਮਜੀਤ ਸਿੰਘ ਦੀ ਸ਼ਕਤੀ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ ਰਹੀ ਸੀ। ਪ੍ਰਮੁੱਖ ਮਿਸਲਾੰ ਦਾ ਵਰਮਨ ਅਗੇ ਲਿਖੇ ਅਨੁਸਾਰ ਹੈ-
1. ਭੰਗੀ ਮਿਸਲ- ਰਣਜੀਤ ਸਿੰਘ ਦੀ ਸ਼ਕਤੀ ਉਭਰਨ ਤੋਂ ਪਹਿਲਾਂ ਸਤਲੁਜ ਨਦੀ ਦੇ ਉੱਤਰ-ਪੱਛਮ ਵੱਲ ਭੰਗੀ ਮਿਸਲ ਕਾਫ਼ੀ ਸ਼ਕਤੀਸ਼ਾਲੀ ਸੀ। 1797 ਈ: ਵਿਚ ਲਾਹੌਰ ਤੇ ਤਿੰਨ ਭੇਗੀ ਸਰਦਾਰਾਂ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ, ਅੰਮ੍ਰਿਤਸਰ ਵਿਚ ਗੁਲਾਬ ਸਿੰਘ, ਸਿਆਲਕੋਟ ਵਿਚ ਜੀਵਨ ਸਿੰਘ ਅਤੇ ਗੁਜਰਾਤ ਵਿਚ ਸਾਹਿਬ ਸਿੰਘ ਭੰਗੀ ਦਾ ਸ਼ਾਸਕ ਸੀ। ਇਨ੍ਹਾਂ ਸਾਰੇ ਭੰਗੀ ਸ਼ਾਸਕਾਂ ਨੂੰ ਭੰਗ ਪੀਣ ਅਤੇ ਅਫੀਮ ਖਾਣ ਦਾ ਬਹੁਤ ਸ਼ੌਂਕ ਸੀ। ਉਹ ਸਾਰਾ ਦਿਨ ਰੰਗਰਲੀਆਂ ਮਨਾਉਣ ਵਿਚ ਡੁੱਬੇ ਰਹਿੰਦੇ ਸਨ। ਪਰਜਾ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਬਹੁਤ ਤੰਗ ਸੀ। ਇਹ ਮਿਸਲ ਦਿਨੋ-ਦਿਨ ਪਤਨ ਵੱਲ ਵਧੀ ਜਾ ਰਹੀ ਸੀ।
2. ਆਹਲੂਵਾਲੀਆ ਮਿਸਲ- ਆਹਲੂਵਾਲੀਆਂ ਮਿਸਲ ਦਾ ਸੰਸਥਾਪਕ ਜੱਸਾ ਸਿੰਘ ਆਹਲੂਵਾਲੀਆ ਸੀ। ਉਸ ਨੇ ਜਲੰਧਰ ਦੁਆਬ ਤੇ ਬਾਰੀ ਦੁਆਬ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ। ਉਹ ਬੜਾ ਬਹਾਦਰ ੍ਤੇ ਨਿਡਰ ਯੋਧਾ ਸੀ। ੁਸ ਨੇ 1739 ਈ: ਵਿਚ ਜਦੋਂ ਨਾਦਰਸ਼ਾਹ ਭਾਰਤ ਵਿਚੋਂ ਭਾਰੀ ਲੁੱਟਮਾਰ ਕਰਕੇ ਵਾਪਸ ਜਾ ਰਿਹਾ ਸੀ ਤਾਂ ਉਸ ਦੀ ਫ਼ੌਜ ਉੱਤੇ ਹਮਲਾ ਕਰਕੇ ਬਹੁਤ ਸਾਰਾ ਖ਼ਜਾਨਾ ਖ਼ੋਹ ਲਿਆ ਸੀ। ਉਸ ਨੇ ਕਈ ਵਾਰੀ ਅਹਿਮਦ ਸ਼ਾਹ ਅਬਦਾਲੀ ਦੇ ਵੀ ਦੰਦ ਖੱਟੇ ਕੀਤੇ ਸਨ। ਇਨ੍ਹਾਂ ਕਾਰਨਾਂ ਕਰਕੇ ਪੰਜਾਬ ਦੇ ਸਿੱਖ ਜੱਸਾ ਸਿੰਖ ਆਹਲੂਵਾਲੀਏ ਦਾ ਬਹੁਤ ਆਦਰ-ਮਾਣ ਕਰਦੇ ਸਨ। ਇਹ ਰਣਜੀਤ ਸਿੰਘ ਦੇ ਚੰਗੇ ਭਾਗ ਸਨ ਕਿ 1783 ਈ: ਵਿਚ ਇਸ ਮਹਾਨ ਯੋਧੇ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਭਾਗ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ, ਪਰ ਉਸ ਵਿਚ ਜੱਸਾ ਸਿੰਘ ਆਹਲੂਵਾਲੀਆ ਵਰਗੇ ਗੁਣ ਨਹੀਂ ਸਨ।
3. ਕਨੱਈਆ ਮਿਸਲ- ਕਨੱਈਆ ਮਿਸਲ ਦਾ ਮੌਢੀ ਜੈ ਸਿੰਘ ਕਨੱਈਆ ਸੀ। 1796 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦਾ ਗੁਰਬਖਸ਼ ਸਿੰਘ ਦੀ ਲੜਕੀ ਅਤੇ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਵਿਆਹ ਹੋ ਗਿਆ ਸੀ। ਇਹ ਵਿਆਹ ਰਣਜੀਤ ਸਿੰਘ ਦੇ ਰਾਜਨੀਤਿਕ ਜੀਵਨ ਲਈ ਬੜਾ ਮਹੱਤਵਪੂਰਨ ਸਿੱਧ ਹੋਇਆ। 1798 ਈ: ਵਿਚ ਜੈ ਸਿੰਘ ਦੀ ਮੌਤ ਹੋ ਗਈ ਅਤੇ ਮਿਸਲ ਦੀ ਵਾਗਡੋਰ ਗੁਰਬਖ਼ਸ਼ ਸਿੰਘ ਦੀ ਵਿਦਵਾ ਅਤੇ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਹੱਥ ਆ ਗਈ। ਸਦਾ ਕੌਰ ਵੀ ਰਣਜੀਤ ਸਿੰਘ ਵਾਂਗ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਸੀ। ਅਜਿਹੀ ਸਥਿਤੀ ਵਿਚ ਸਫਲ ਉਹੀ ਹੋ ਸਕਦਾ ਸੀ ਜੋ ਵਧੇਰੇ ਯੋਗ ਤੇ ਸ਼ਕਤੀਸ਼ਾਲੀ ਹੋਵੇ।
4. ਸ਼ੁਕਰਚੱਕੀਆ ਮਿਸਲ- ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸੀ। ਉਸ ਨੇ ਗੁਜਰਾਂਵਾਲਾ, ਐਮਨਾਬਾਦ ਅਤੇ ਸਿਆਲਕੋਟ ਦੇ ਇਲਾਕਿਆਂ ਉੱਤੇ ਅਪਣਾ ਕਬਜ਼ਾ ਕਰ ਸਿਆ ਸੀ। ਚੜ੍ਹਤ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਉਸ ਵਿਚ ਇਕ ਮਹਾਨ ਸਰਦਾਰ ਦੇ ਸਰਾਰੇ ਗੁਣ ਮੌਜੂਦ ਸਨ। ਉਸ ਨੇ ਰਸੂਲ ਨਗਰ ਅਤੇ ਅਲੀਪੁਰ ਦੇ ਇਲਾਕਿਆਂ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ। 1792 ਈ: ਵਿਚ ਮਹਾਂ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਰਣਜੀਤ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਕਿਉਂਕਿ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੇਵਲ 12 ਵਰ੍ਹਿਆਂ ਦੀ ਸੀ ਇਸ ਲਈ ਸ਼ਾਸਨ ਪ੍ਰਬੰਧ ਮੁੱਕ ਤੌਰ ਤੇ ਰਣਜੀਤ ਸਿੰਘ ਦੀ ਮਾਂ ਰਾਜ ਕੌਰ, ਦੀਵਾਨ ਲੱਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥਾਂ ਵਿਚ ਰਿਹਾ। ਨੌਜਵਾਨ ਹੋਣ ਤੇ ਰਣਜੀਤ ਸਿੰਘ ਨੇ 1797 ਈ: ਵਿਚ ਸੁਤੰਤਰ ਤੌਰ ਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਲਈ। ਉਹ ਇਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਇਆ।
5. ਰਾਮਗੜ੍ਹੀਆ ਮਿਸਲ- ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਹੁਤ ਉਤਸ਼ਾਹੀ, ਬਹਾਦਰ ਅਤੇ ਨਿਡਰ ਯੋਧਾ ਸੀ। ਉਸ ਦਾ ਰਾਜ ਗੁਰਦਾਸਪੁਰ, ਕਲਾਨੌਰ, ਬਟਾਲਾ ਅਤੇ ਕਾਦੀਆਂ ਉੱਤੇ ਸੀ। ਉਹ ਆਪਣੀ ਬਹਾਦਰੀ ਅਤੇ ਨਿਡਰਤਾ ਕਾਰਨ ਸਿੱਖਾਂ ਵਿਚ ਕਾਫ਼ੀ ਹਰਮਨ-ਪਿਆਰਾ ਸੀ। ਇਕ ਵਾਰੀ ਉਸ ਨੇ ਦਿੱਲੀ ਵਿੱਚ ਵੀ ਲੁੱਟਮਾਰ ਕੀਤੀ ਸੀ। ਇਹ ਰਣਜੀਤ ਸਿੰਘ ਦੇ ਚੰਗੇ ਭਾਗ ਹੀ ਸਨ ਕਿ ਉਸ ਦੀ ਸ਼ਕਤੀ ਦੇ ਉਭਾਰ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਕਾਫ਼ੀ ਬੁੱਢਾ ਹੋ ਚੁੱਕਾ ਸੀ। ਇਸ ਲਈ ਉਹ ਰਣਜੀਤ ਸਿੰਘ ਦੇ ਰਾਹ ਵਿਚ ਰੋੜਾ ਨਹੀਂ ਬਣ ਸਕਦਾ ਸੀ।
6. ਫੈਜਲਪੁਰੀਆ ਮਿਸਲ- ਫੈਜਲਪੁਰੀਆ ਮਿਸਲ ਦਾ ਮੌਢੀ ਨਵਾਬ ਕਪੂਰ ਸਿੰਘ ਸੀ। ਉਹ ਨਿਰਸੰਦੇਹ ਸਿੱਖਾਂ ਦਾ ਇਕ ਮਹਾਨ ਨੇਤਾ ਸੀ ਜਿਸ ਨੇ ਸਿੱਖਾਂ ਦੀ ਸਭ ਤੋਂ ਸੰਘਰਸ਼ਮਈ ਸਮੇਂ ਵਿਚ ਯੋਗ ਅਗਵਾਈ ਕੀਤੀ। 1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਭਤੀਜਾ ਖੁਸ਼ਹਾਲ ਸਿੰਘ ਉਨ੍ਹਾਂ ਦਾ ਉੱਤਰਾਧਿਕਾਰੀ ਬਣਿਆ। ਉਹ ਬੜਾ ਬਹਾਦਰ ਤੇ ਯੋਗ ਸਰਦਾਰ ਸੀ। ਉਸ ਨੇ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਪ੍ਰਦੇਸ਼ਾਂ ਨੂੰ ਜਿੱਤ ਕੇ ਫੈਜਲਪੁਰੀਆ ਮਿਸਲ ਦਾ ਕਾਫ਼ੀ ਵਿਸਥਾਰ ਕਰ ਲਿਆ ਸੀ। 1795 ਈ: ਵਿਚ ਇਸ ਯੋਗ ਨੇਤਾ ਦੀ ਮੌਤ ਹੋ ਗਈ। ਉਸ ਪਿੱਛੋਂ ਉਸ ਦਾ ਪੁੱਤਰ ਬੁੱਧ ਸਿੰਘ ਰਾਜਗੱਦੀ ਤੇ ਬੈਠਿਆ। ਇਹ ਰਣਜੀਤ ਸਿੰਘ ਖੁਸ਼ਕਿਸਮਤੀ ਹੀ ਸਿ ਕਿ ਬੁੱਧ ਸਿੰਘ ਕੋਈ ਯੋਗ ਸ਼ਾਸਕ ਸਿੱਧ ਨਾ ਹੋਇਆ।
7. ਡੱਲੇਵਾਲੀਆ ਮਿਸਲ- ਡੱਲੇਵਾਲੀਆ ਮਿਸਲ ਦਾ ਮੌਢੀ ਗੁਲਾਬ ਸਿੰਘ ਸੀ। ਇਸ ਮਿਸਲ ਵਿਚ ਫਿਲੌਰ, ਰਾਹੋਂ ਅਤੇ ਨਕੋਦਰ ਦੇ ਇਲਾਕੇ ਸ਼ਾਮਲ ਸਨ। ਤਾਰਾ ਸਿੰਘ ਘੇਬਾ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਸੀ। ਉਸ ਨੇ ਆਪਣੀ ਸੈਨਿਕ ਸ਼ਕਤੀ ਨੂੰ ਕਾਫ਼ੀ ਮਜ਼ਬੂਤ ਕਰ ਲਿਆ ਸੀ। ਉਹ ਰਣਜੀਤ ਸਿੰਘ ਦੀ ਸ਼ਕਤੀ ਨੂੰ ਚੁਣੌਤੀ ਦੇ ਸਕਦਾ ਸੀ, ਪਰ ਮਹਾਰਾਜੇ ਨੇ ਉਸ ਨਾਲ ਮਿੱਤਰਤਾ ਕਾਇਮ ਕਰ ਲਈ ਸੀ।
8. ਫੂਲਕੀਆ ਮਿਸਲ- ਫੂਲਕੀਆ ਮਿਸਲ ਸਿੱਖਾਂ ਦੀਆਂ ਮਹੱਤਪਵਪੂਰਨ ਮਿਸਲਾਂ ਵਿਚੋਂ ਇਕ ਸੀ। ਇਹ ਮਿਸਲ ਪਟਿਆਲਾ, ਨਾਭਾ ਅਤੇ ਜੀਂਦ ਨਾਂ ਦੇ ਤਿੰਨ ਰਾਜਾਂ ਵਿਚ ਵੰਡੀ ਹੋਈ ਸੀ। ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਪਟਿਆਲਾ ਵਿਚ ਸਾਹਿਬ ਸਿੰਘ, ਨਾਭਾ ਵਿਚ ਜਸਵੰਤ ਸਿੰਘ ਤੇ ਜੀਂਦ ਵਿਚ ਭਾਗ ਸਿੰਘ ਸ਼ਾਸਨ ਕਰ ਰਹੇ ਸਨ। ਇਹ ਤਿੰਨੇ ਸਰਦਾਰ ਯੋਗ ਤੇ ਸ਼ਕਤੀਸ਼ਾਲੀ ਨਹੀਂ ਸਨ। ਉਨ੍ਹਾਂ ਦੇ ਆਪਸੀ ਝਗੜਿਆਂ ਨੇ ਵੀ ਉਨ੍ਹਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ।
9. ਹੋਰ ਮਿਸਲਾਂ- ਉੱਪਰਲਿਖਿਤ ਮਿਸਲਾਂ ਤੋੰ ਇਲਾਵਾ ਉਸ ਸਮੇਂ ਪੰਜਾਬ ਵਿਚ ਕਰੋੜਸਿੰਘੀਆ, ਨਿਸ਼ਾਨਵਾਲੀਆ, ਨਕੱਈ ਅਤੇ ਸ਼ਹੀਦ ਨਾਂ ਦੀਆਂ ਮਿਸਲਾਂ ਵੀ ਸਥਾਪਿਤ ਸਨ। ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਇਹ ਮਿਸਲਾਂ ਬਹੁਤ ਕਮਜ਼ੋਰ ਸਨ। ਇਸ ਲਈ ਪੰਜਾਬ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਕੋਈ ਮਹੱਤਵ ਨਹੀਂ ਸੀ।
ਮੁਸਲਮਾਨਾਂ ਦੇ ਰਾਜ
18 ਵੀਂ ਸਦੀ ਦੇ ਅੰਤ ਵਿਚ ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿਚ ਮੁਸਲਮਾਨਾਂ ਨੇ ਕਈ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ। ਇਨ੍ਹਾਂ ਵਿਚੋਂ ਕਸੂਰ, ਮੁਲਤਾਨ, ਕਸ਼ਮੀਰ, ਅਟਕ ਤੇ ਪਿਸ਼ਾਵਰ ਦੀਆਂ ਰਿਆਸਤਾਂ ਪ੍ਰਸਿੱਧ ਸਨ। ਕਸੂਰ ਤੇ ਜੋ ਲਾਹੌਰ ਤੋਂ ਕੋਈ 30 ਮੀਲ ਦੱਖਣ-ਪੂਰਬ ਵੱਲ ਸਥਿਤ ਸੀ-ਪਠਾਣ ਹਾਕਮ ਨਿਜ਼ਾਮ-ਉਦ-ਦੀਨ ਦਾ ਸ਼ਾਸਨ ਸੀ। ਜਦੋਂ ਅਫ਼ਗਾਨਿਸਤਾਨ ਦੇ ਹਾਕਮ ਸ਼ਾਹ ਜ਼ਮਾਨ ਨੇ ਪੰਜਾਬ ਉੱਤੇ ਹਮਲੇ ਕੀਤੇ ਤਾਂ ਨਿਜ਼ਾਮ-ਉਦ-ਦੀਨ ਨੇ ਸਿੱਖਾਂ ਵਿਰੁੱਧ ਉਸ ਦੀ ਸਹਾਇਤਾ ਕੀਤੀ। 1798 ਈ: ਵਿਚ ਜਦੋਂ ਸ਼ਾਹ ਜ਼ਮਾਨ ਨੂੰ ਲਾਹੌਰ ਛੱਡ ਕੇ ਕਾਬਲ ਜਾਣਾ ਪਿਆ ਤਾਂ ਨਿਜ਼ਾਮ-ਉਦ-ਦੀਨ ਨੇ ਲਾਹੌਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਪਰ ਉਹ ਇਸ ਯੋਜਨਾ ਨੂੰ ਸਿਰੇ ਨਾ ਚੜ੍ਹਾ ਸਕਿਆ। ਮੁਲਤਾਨ ਵਿਚ ਉਸ ਸਮੇਂ ਮੁਜ਼ੱਫਰ ਖ਼ਾਂ, ਕਸ਼ਮੀਰ ਵਿਚ ਅੱਤਾ ਮੁਹੰਮਦ ਖ਼ਾਂ, ਅਟਕ ਵਿਚ ਜਹਾਂਦਦ ਖ਼ਾਂ ਅਤੇ ਪਿਸ਼ਾਵਰ ਵਿਚ ਫਤਿਹ ਖ਼ਾਂ ਦਾ ਸ਼ਾਸਨ ਸੀ। ਇਨ੍ਹਾਂ ਰਿਆਸਤਾਂ ਤੋਂ ਇਲਾਵਾ ੁਸ ਸਮੇਂ ਬਹਾਵਲਪੁਰ, ਸਿੰਧ, ਡੇਰਾ ਗਾਜ਼ੀ ਾਂ, ਡੇਰਾ ਇਸਮਾਇਲ ਖ਼ਾਂ, ਪਾਕਪਟਨ, ਖੁਸ਼ਾਬ, ਝੰਗ, ਬੰਨੂ, ਕੋਹਾਟ, ਟੋਂਕ, ਚਿਨਿਓਟ, ਵਜ਼ੀਰਾਬਾਦ ਅਤੇ ਸਿਆਲਕੋਟ ਵਿਚ ਮੁਸਲਮਾਨ ਸ਼ਾਸਕਾੰ ਦਾ ਰਾਜ ਸੀ। ਇਨ੍ਹਾਂ ਮੁਸਲਿਮ ਸ਼ਾਸਕਾਂ ਵਿਚ ਵੀ ਆਪਸੀ ਏਕਤਾ ਨਹੀਂ ਸੀ। ਸ਼ਕਤੀ ਪ੍ਰਾਪਤ ਕਰਨ ਲਈ ਉਨ੍ਹਾਂ ਵਿ ਆਪਸੀ ਲੜਾਈਆਂ ਚਲਦੀਆਂ ਰਹਿੰਦੀਆ ਸਨ। ਸਿੱਟੇ ਵਜੋਂ ਉਨ੍ਹਾਂ ਵਿਚ ਕੋਈ ਵੀ ਇੰਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਉਹ ਰਣਜੀਤ ਸਿੰਘ ਦੇ ਰਾਹ ਵਿਚ ਰੋੜਾ ਅਟਕਾ ਸਕੇ।
ਪਹਾੜੀ ਰਿਆਸਤਾਂ
ਪੰਜਾਬ ਦੇ ਉੱਤਰ ਵਿਚ ਬਹੁਤ ਸਾਰੀਆਂ ਸੁਤੰਤਰ ਪਹਾੜੀ ਰਿਆਸਤਾੰ ਸਥਾਪਿਤ ਸਨ ਜਿਨ੍ਹਾਂ ਵਿਚੋਂ ਕਾਂਗੜੇ ਦੀ ਰਿਆਸਤ ਸਭ ਤੋਂ ਵੱਧ ਪ੍ਰਸਿੱਧ ਸੀ। ਕਾਂਗੜੇ ਵਿਚ ਰਾਜਪੂਤ ਸ਼ਾਸਕ ਸੰਸਾਰ ਚੰਦ ਕਟੋਚ ਦਾ ਸ਼ਾਸਨ ਸੀ। ਉਹ ਬੜੇ ਉੱਚ ਇਰਾਦਿਆਂ ਵਾਲਾ ਸ਼ਾਸਕ ਸੀ। ਉਹ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਸੁਪਨੇ ਵੇਖ ਰਿਹਾ ਸੀ। ਕਾਂਗੜੇ ਤੋਂ ਇਲਾਵਾ 18 ਵੀਂ ਸਦੀ ਦੇ ਅੰਤ ਵਿਚ ਮੰਡੀ, ਕੁੱਲੂ, ਚੰਬਾ, ਬਸੌਲੀ, ਸੁਕੇਤ, ਨੂਰਪੁਰ ਅਤੇ ਜੰਮੂ ਦੀਆਂ ਪਹਾੜੀ ਰਿਆਸਤਾਂ ਵਿਚ ਰਾਜਪੂਤ ਸ਼ਾਸਕਾੰ ਦਾ ਸ਼ਾਸਨ ਸੀ। ਪਰ ਇਹ ਰਿਆਸਤਾਂ ਬਹੁਤ ਛੋਟੀਆਂ-ਛੋਟੀਆਂ ਸਨ। ਇਨ੍ਹਾਂ ਦੇ ਸ਼ਾਸਕ ਬੜੇ ਕਮਜ਼ੋਰ ਸਨ ਅਤੇ ਉਹ ਆਪਸ ਵਿਚ ਹੀ ਲੜਦੇ-ਝਗੜਦੇ ਰਹਿੰਦੇ ਸਨ। ਇਸ ਲਈ ਉਹ ਰਣਜੀਤ ਸਿੰਘ ਲਈ ਕੋਈ ਖ਼ਤਰਾ ਪੈਦਾ ਨਹੀੰ ਕਰ ਸਕਦੇ ਸਨ।
ਗੋਰਖੇ
ਨੇਪਾਲ ਦੇ ਗੋਰਖੇ ਬੜੇ ਬਹਾਦਰ ਸਨ। 18 ਵੀਂ ਸਦੀ ਦੇ ਅੰਤ ਵਿਚ ਉਨ੍ਹਾਂ ਨੇ ਆਪਣੀ ਸ਼ਕਤੀ ਦਾ ਵਿਸਥਾਰ ਪੰਜਾਬ ਵੱਲ ਕਰਨਾ ਸ਼ੁਰੂ ਕਰ ਦਿੱਤਾ ਸੀ। 1794 ਈ: ਵਿਚ ਉਨ੍ਹਾਂ ਨੇ ਗੜਵਾਲ ਅਤੇ ਕੁਮਾਊਂ ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਸ਼ਿਮਲੇ ਨੂੰ ਵੀ ਆਪਣੇ ਅਧੀਨ ਕਰਨ ਦੇ ਯਤਨ ਕਰਨ ਲੱਗੇ। ਭੀਮ ਸੈਨ ਥਾਪਾ ਗੋਰਖਿਆਂ ਦਾ ਬੜਾ ਬਹਾਦਰ ਤੇ ਪ੍ਰਸਿੱਧ ਨੇਤਾ ਸੀ। ਉਹ ਆਪਣੇ ਯੋਗ ਪੁੱਤਰ ਅਮਰ ਸਿੰਘ ਥਾਪਾ ਦੀ ਅਗਵਾਈ ਹੇਠ ਪੰਜਾਬ ਉੱਤੇ ਹਮਲਾ ਕਰਨ ਦਾ ਇਰਾਦਾ ਰੱਖਦਾ ਸੀ। ਇਸ ਲਈ ਰਮਜੀਤ ਸਿੰਘ ਅਤੇ ਗੋਰਖਿਆਂ ਵਿਚਾਲੇ ਟੱਕਰ ਹੋਣੀ ਲਾਜ਼ਮੀ ਸੀ।
ਜਾਰਜ ਥਾਮਸ
ਜਾਰਜ ਥਾਮਸ ਇਕ ਦਲੇਰ ਅੰਗਰੇਜ਼ ਸੀ। ਉਸ ਨੇ ਸ਼ੁਰੂ ਵਿਚ ਕੁਝ ਭਾਰਤੀ ਸ਼ਾਸਕਾਂ ਅਧੀਨ ਨੌਕਰੀ ਕੀਤੀ ਸੀ। ਫਿਰ ਉਹ ਕਿਸਮਤ ਅਜ਼ਮਾਈ ਲਈ ਪੰਜਾਬ ਾ ਗਿਆ ਸੀ। ਹੌਲੀ-ਹੌਲੀ ਉਸ ਨੇ ਕੁਝ ਘੋੜਸਵਾਰ ਸੈਨਿਕ ਇਕੱਠੇ ਕਰ ਲਏ ਸਨ ਜਿਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਪੰਜਾਬ ਦੇ ਦੱਖਣ-ਪੂਰਬ ਵਿਚ ਹਾਂਸੀ ਵਿਖੇ ਇਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ। ਇੱਥੇ ਉਸ ਨੇ ਆਪਣੇ ਹੀ ਨਾਂ ਤੇ ‘ਜਾਰਜਗੜ੍ਹ’ ਨਾਂ ਦੇ ਇਕ ਕਿਲ੍ਹੇ ਦੀ ਉਸਾਰੀ ਕਰਵਾਈ ਸੀ। ਉਸ ਨੇ ਕਈ ਵਾਰੀ ਫੂਲਕੀਆਂ ਮਿਸਲ ਦੇ ਪਟਿਆਲਾ ਤੇ ਜੀਂਦ ਇਲਾਕਿਆਂ ਉੱਤੇ ਹਮਲਾ ਕਰਕੇ ਉੱਥੇ ਲੁੱਟਮਾਰ ਕੀਤੀ। ਉਸ ਨੂੰ ਫਰਾਂਸੀਸੀ ਜਨਰਲ ਪੈਰੋਂ ਨੇ ਹਰਾ ਕੇ ਪੰਜਾਬ ਵਿਚੋਂ ਨਠਾ ਦਿੱਤਾ ਸੀ
ਮਰਾਠੇ
1761 ਈ: ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪਾਨੀਪਤ ਦੀ ਤੀਸਰੀ ਲੜਾਈ ਵਿਚ ਮਰਾਠਿਆਂ ਨੂੰ ਕਰਾਰੀ ਹਾਰ ਦਿੱਤੀ ਸੀ। ਇਸ ਲੜਾਈ ਦੇ ਸਿੱਟੇ ਵਜੋਂ ਮਰਾਠਿਆਂ ਨੂੰ ਪੰਜਾਬ ਤੋਂ ਜਾਣਾ ਪਿਆ ਸੀ। ਪਰ 1797 ਈ: ਤੱਕ ਮਰਾਠਿਆ ਨੇ ਆਪਣੇ ਯੋਗ ਨੇਤਾ ਦੌਲਤ ਰਾਉ ਸਿੰਧੀਆ ਦੇ ਅਧੀਨ ਮੇਰਠ ੍ਤੇ ਦਿੱਲੀ ਤੇ ਆਪਣਾ ਕਬਜ਼ਾ ਕਰ ਲਿਆ ਸੀ। ਉਸ ਨੇ ਆਪਣੇ ਸੈਨਿਕਾਂ ਨੂੰ ਆਧੁਨਿਕ ਸਿਖਲਾਈ ਦੇਣ ਦੇ ਲਈ ਕੁਝ ਫ਼ਰਾਂਸੀਸੀ ਅਫ਼ਸਰਾਂ ਨੂੰ ਭਰਤੀ ਕੀਤਾ ਸੀ। ਉਹ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਇਕ ਹੋਰ ਮਰਾਠਾ ਨੇਤਾ ਧਾਰਾ ਰਾਉ ਨੇ ਪੰਜਾਬਪ ਦੇ ਦੱਖਣ-ਪੂਰਬ ਵਿਚ ਸਥਿਤ ਫੂਲਕੀਆ ਮਿਸਲ ਤੇ ਕੁਝ ਹਮਲੇ ਵੀ ਕੀਤੇ ਸਨ। ਮਰਾਠੇ ਰਣਜੀਤ ਸਿੰਘ ਲਈ ਭਾਰੀ ਖ਼ਤਰਾ ਪੈਦਾ ਕਰ ਸਕਦੇ ਸਨ ਪਰ ਰਣਜੀਤ ਸਿੰਘ ਦੇ ਚੰਗੇ ਭਾਗੀਂ ਠੀਕ ਉਸੇ ਸਮੇਂ ਮਰਾਠਿਆਂ ਨੂੰ ਅੰਗਰੇਜ਼ਾਂ ਨਾਲ ਜੋ ਕਿ ਕਾਫ਼ੀ ਸ਼ਕਤੀਸ਼ਾਲੀ ਸਨ, ਉਲਝਣਾ ਪੈ ਗਿਆ। ਇਸ ਕਾਰਨ ਉਹ ਪੰਜਾਬ ਵੱਲ ਆਪਣਾ ਧਿਆਨ ਨਾ ਦੇ ਸਕੇ।
ਅੰਗਰੇਜ਼
18 ਵੀਂ ਸਦੀ ਦੇ ਅੰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਭਾਰਤ ਵਿੱਚ ਕਾਫ਼ੀ ਵੱਧ ਗਈ ਸੀ। ਭਾਵੇਂ ਅੰਗਰੇਜ਼ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ ਪਰ ਇਸ ਸਮੇਂ ਉਹ ਮਰਾਠਿਆਂ, ਹੈਦਰਾਬਾਦ ਦੇ ਨਿਜ਼ਾਮ ਅਤੇ ਬਹੁਤ ਸਾਰੀਆਂ ਹੋਰ ਉਲਝਣਾਂ ਵਿਚ ਉਲਝੇ ਹੋਏ ਸਨ। ਇਸ ਲਈ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਕੋਈ ਫ਼ੌਰੀ ਖ਼ਤਰਾ ਨਹੀਂ ਸੀ।
ਸ਼ਾਹ ਜ਼ਮਾਨ
ਰਣਜੀਤ ਸਿੰਘ ਦੀ ਤਾਕਤ ਨੂੰ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਤੋਂ ਖ਼ਤਰਾਂ ਪੈਦਾ ਹੋ ਸਕਦਾ ਸੀ। ਉਹ 1793 ਈ: ਵਿਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ। ਉਹ ਪੰਜਾਬ ਨੂੰ ਆਪਣੀ ਜੱਦੀ ਮਲਕੀਅਤ ਸਮਝਦਾ ਸੀ ਕਿਉਂਕਿ ਇਸ ਤੇ ੁਸ ਦੇ ਦਾਦੇ ਅਹਿਮਦ ਸ਼ਾਹ ਅਬਦਾਲੀ ਨੇ 1752 ਈ: ਵਿਚ ਕਬਜ਼ਾ ਕੀਤਾ ਸੀ। ਉਸ ਸਮੇਂ ਪੰਜਾਬ ਵਿਚ ਮੁਗਲਾਂ ਦਾ ਸ਼ਾਸਨ ਸੀ। ਕਿਉਂਕਿ ਹੁਣ ਪੰਜਾਬ ਵਿਚ ਸਿੱਖਾਂ ਨੇ ਆਪਣੀਆਂ ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ। ਇਸ ਲਈ ਸ਼ਾਹ ਜ਼ਮਾਨ ਨੇ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ। ਉਸ ਨੇ ਪਹਿਲਾਂ 1793 ਈ: ਅਤੇ ਫਿਰ 1795 ਈ: ਵਿਚ ਪੰਜਾਬ ਉੱਤੇ ਹਮਲੇ ਕੀਤੇ ਪਰ ਉਸ ਨੂੁੰ ਰਾਹ ਵਿਚੋਂ ਹੀ ਕਿਸੇ ਨਾ ਕਿਸੇ ਕਾਰਨ ਵਾਪਸ ਕਾਬਲ ਜਾਣਾ ਪੈ ਗਿਆ ਸੀ। ਉਸ ਨੇ 1797 ਈ: ਅਤੇ ਪਿਰ 1798 ਈ: ਵਿਚ ਲਾਹੌਰ ਤੇ ਕਬਜ਼ਾ ਕਰ ਲਿਆ ਸੀ। ਪਰ ਦੋਵੇਂ ਵਾਰੀ ਅਫ਼ਗਾਨਿਸਤਾਨ ਵਿਚ ਬਗ਼ਾਵਤ ਕਾਰਨ ਉਸ ਨੂੰ ਵਾਪਸ ਜਾਣਾ ਪਿਆ।
ਇਨ੍ਹਾ ਸਾਰੇ ਵੇਰਵੇ ਤੋਂ ਸਪੱਸ਼ਟ ਹੁੰਦਾ ਹੈ ਕਿ 18 ਵੀਂ ਸਦੀ ਦੇ ਅੰਤ ਵਿਚ ਪੰਜਾਬ ਦੀ ਰਾਜਨੀਤਿਕ ਹਾਲਤ ਰਣਜੀਤ ਸਿੰਘ ਲਈ ਪੂਰੀ ਤਰ੍ਹਾਂ ਅਨੁਕੂਲ ਸੀ। ਉਸ ਨੇ ਇਸ ਸਥਿਤੀ ਦਾ ਪੂਰਾ ਫਾਇਦਾ ਉਠਾਇਆ ਅਤੇ ਉਹ ਪੰਜਾਬ ਵਿਚ ਇਕ ਸ਼ਕਤੀਸ਼ਾਲੀ ਅਤੇ ਸੰਗਠਿਤ ਸਿੱਖ ਸਾਮਰਾਜ ਦੀ ਸ਼ਥਾਪਨਾ ਕਰਨ ਵਿਚ ਸਠਲ ਹੋਇਆ।
Very informative
ReplyDelete